ਦਰਦ ਮੁਕੱਦਰਾਂ ਦੇ

ਪਿੰਡ ਦੀ ਸੱਥ ਵਿਚ ਬੋਹੜ ਦੀ ਛਾਵੇਂ ਕਈ ਤਾਸ਼ ਖੇਡ ਰਹੇ ਸਨ। ਕੋਈ ਗੱਲਾਂ ਮਾਰ ਰਿਹਾ ਸੀ, ਕੋਈ ਸੋਚਾਂ ਦੇ ਸਮੁੰਦਰ ਵਿਚ ਡੁੱਬਿਆ ਹੋਇਆ ਸੀ। ਤਾਇਆ ਬਿਸ਼ਨ ਸਿਹਾਂ! ਮੈਂ ਸੁਣਿਐ ਆਪਣੇ ਲੰਬੜਦਾਰਾਂ ਦਾ ਮੁੰਡਾ ਪਾਗਲ ਹੋ ਗਿਆ, ਧੰਨੇ ਅਮਲੇ ਨੇ ਸਵਾਲ ਕੀਤਾ।ਧੰਨਿਆ ਅਮਲੀਆ ਹੀਰ-ਰਾਂਝੇ ਵਰਗੇ ਆਸ਼ਕ ਇਸ ਧਰਤੀ ‘ਤੇ ਇਸ਼ਕ ਦਾ ਬੀਜ ਬੀਜ ਗਏ। ਹੁਣ ਸਾਡੇ ਪਿੰਡਾਂ ਦੇ ਗੱਭਰੂ ਉਹਨਾਂ ਬੀਜਾਂ ਨੂੰ ਪਾਣੀ ਪਾ ਕੇ ਆਸ਼ਕਾਂ ਦੀ ਰੀਤ ਨੂੰ ਤਾਜ਼ਾ ਕਾਇਮ ਰੱਖਦੇ ਨੇ। ਮੈਂ ਤਾਇਆ ਤੇਰੀ ਗੱਲ ਨਹੀਂ ਸਮਝਿਆ, ਧੰਨੇ ਨੇ ਕਿਹਾ! ਲੈ ਸੁਣ ਕਹਾਣੀ, ਕੁਝ ਇਸ ਤਰ੍ਹਾਂ ਦੀ ਹੈ। ਤਾਏ ਨੇ ਕਹਾਣੀ ਸ਼ੁਰੂ ਕੀਤੀ ਤੇ ਧੰਨੇ ਅਮਲੀ ਨੇ ਖੀਸੇ ਵਿਚੋਂ ਮਾਵਾ ਕੱਢਿਆ ਅਤੇ ਖਾ ਕੇ ਬਿਸ਼ਨੇ ਅੱਗੇ ਚੌਕੜੀ ਮਾਰ ਕੇ ਬੈਠ ਗਿਆ। ਆਪਣੇ ਪਿੰਡ ਦੇ ਜਗੀਰ ਸਿੰਘ ਦੀ ਕੁੜੀ ਛੀਮਾਂ ਸੱਤਾਂ ਵਰ੍ਹਿਆਂ ਪਿੱਛੋਂ ਬਾਹਰਲੇ ਮੁਲਖ ਤੋਂ ਆਈ ਸੀ।

ਤਾਇਆ! ਕਿਤੇ ਤੂੰ ਬੀਬੋ ਦੀ ਗੱਲ ਤਾਂ ਨਹੀਂ ਕਰਦਾ। ਧੰਨੇ ਅਮਲੀ ਨੇ ਪੁੱਛਿਆ। ਹਾਂ ਬੀਬੋ ਦੀ ਗੱਲ ਸੁਣਾਉਣ ਲੱਗਾ ਹਾਂ ਤੈਨੂੰ। ਤਾਏ ਨੇ ਆਪਣੀ ਕਹਾਣੀ ਸ਼ੁਰੂ ਕੀਤੀ। ਜਦ ਉਹ ਬਾਹਰਲੇ ਮੁਲਖ ਤੋਂ ਪਿੰਡ ਆਈ ਸੀ ਤਾਂ ਬਹੁਤ ਹੁਸਨ ਸੀ ਕੁੜੀ ਤੇ, ਨਾਲੇ ਬਾਹਰਲੇ ਮੁਲਖ ਜਾ ਕੇ ਤਾਂ ਹਰ ਇਕ ਆਦਮੀ ਗੋਰਾ ਨਿਕਲ ਆਉਂਦਾ ਹੈ। ਪਿੰਡ ਦਾ ਹਰ ਗੱਭਰੂ ਉਸ ਦੇ ਹੁਸਨ ਦੀ ਤਾਰੀਫ਼ ਕਰਦਾ ਸੀ। ਪਰ ਤਾਇਆ ਆਪਣੇ ਲੰਬੜਦਾਰਾਂ ਦੇ ਮੁੰਡੇ ਦੀਪੇ ਦਾ ਇਸ ਨਾਲ ਕੀ ਰਿਸ਼ਤਾ। ਧੰਨੇ ਨੇ ਵਿਚੋਂ ਸਵਾਲ ਕੀਤਾ?
ਉਏ ਅਮਲੀਆ ਜੇ ਕਦੇ ਤੈਂ ਜਵਾਨੀ ਵਿਚ ਕਿਸੇ ਕੁੜੀ ਨਾਲ ਇਸ਼ਕ ਕੀਤਾ ਹੋਵੇ ਤਾਂ ਤੈਨੂੰ ਪਤਾ ਲੱਗੇ। ਤਾਏ ਨੇ ਕਹਾਣੀ ਦਾ ਲੜ ਫਿਰ ਫੜ ਲਿਆ। ਦੀਪਾ ਆਪਣੇ ਪਿੰਡ ਦਾ ਹੋਣਹਾਰ ਗੱਭਰੂ ਸੀ। ਪਰ ਪਿੰਡ ਦੀ ਕਿਸੇ ਧੀ ਭੈਣ ਵੱਲ ਉਸ ਨੇ ਮਾੜੀ ਅੱਖ ਨਾਲ ਦੇਖਿਆ ਨੀ ਅਜੇ ਤੱਕ! ਇਕ ਦਿਨ ਬੀਬੋ ਬਾਹਰ ਖੇਤਾਂ ਵਿਚ ਘੁੰਮ ਰਹੀ ਸੀ। ਘੁੰਮਦੀ-ਘੁੰਮਦੀ ਉਹ ਦੀਪੇ ਦੇ ਖੇਤਾਂ ਵਿਚ ਆ ਗਈ ਕਿਉਂਕਿ ਉਹਦਾ ਦੀਪੇ ਨਾਲ ਬਚਪਨ ਤੋਂ ਹੀ ਪਿਆਰ ਸੀ। ਦੋਹਾਂ ਨੇ ਇਕੱਠੇ ਪੜ੍ਹਨ ਜਾਣਾ, ਖੇਡਣਾ ਵੀ ਇਕੱਠਿਆਂ ਨੇ। ਬੀਬੋ ਨੇ ਦੀਪੇ ਨੂੰ ਆ ਕੇ ਸਤਿ ਸ੍ਰੀ ਅਕਾਲ ਬੁਲਾਈ। ਦੀਪਾ ਵੀ ਸਤਿ ਸ੍ਰੀ ਅਕਾਲ ਕਹਿ ਕੇ ਪੱਠੇ ਵੱਢਣ ਲੱਗਿਆ। ਜਿਵੇਂ ਉਸ ਨੂੰ ਕਿਸੇ ਨੇ ਬੁਲਾਇਆ ਨਾ ਹੋਵੇ। ਬੀਬੋ ਸਮਝ ਗਈ ਕਿ ਦੀਪੇ ਨੇ ਉਸਨੂੰ ਪਛਾਣਿਆ ਨਹੀਂ। ਬੀਬੋ ਨੇ ਫਿਰ ਕਿਹਾ ਦੀਪੇ! ਤੂੰ ਮੈਨੂੰ ਪਛਾਣਿਆ ਨਹੀਂ। ਮੈਂ ਬੀਬੋ ਹਾਂ ਤੇਰੀ ਬਚਪਨ ਦੀ ਦੋਸਤ-ਜਦ ਦੀਪੇ ਦੇ ਚਿਹਰੇ ਵੱਲ ਤੱਕਿਆ ਤਾਂ ਉਸ ਦੀਆਂ ਅੱਖਾਂ ਭਰ ਆਈਆਂ ਤਾਂ ਦੀਪੇ ਨੇ ਬੀਬੋ ਨੂੰ ਘੁੱਟ ਕੇ ਗਲ਼ ਨਾਲ ਲਾ ਲਿਆ ਤੇ ਬਾਅਦ ਵਿਚ ਕਿੰਨਾ ਹੀ ਚਿਰ ਗੱਲਾਂ-ਬਾਤਾਂ, ਪੁਰਾਣੀਆਂ ਹੱਡ ਬੀਤੀਆਂ ਤਾਜ਼ਾ ਕਰਦੇ ਰਹੇ। ਇੱਧਰ ਧੰਨੇ ਅਮਲੀ ਦੀ ਨਿਗਾਹ ਤਾਏ ਬਿਸ਼ਨੇ ਦੇ ਮੂੰਹ ਤੇ ਟਿਕੀ ਸੀ ਜਿਵੇਂ ਸੱਚਮੁਚ ਹੀ ਕੋਈ ਪ੍ਰੇਮੀ ਜੋੜਾ ਇੰਝ ਕਰ ਰਿਹਾ ਹੋਵੇ। ਉਸ ਦੀਆਂ ਅੱਖਾਂ ਦੇ ਸਾਹਮਣੇ, ਇਕ ਦਿਨ ਮੈਂ ਆਪਣੇ ਖੇਤਾਂ ਨੂੰ ਪਾਣੀ ਲਾ ਰਿਹਾ ਸੀ ਦੀਪਾ ਤੇ ਬੀਬੋ ਇਕ-ਦੂਜੇ ਦੇ ਗਲ਼ ਵਿਚ ਬਾਹਾਂ ਪਾਈਂ ਗੱਲਾਂ ਕਰ ਰਹੇ ਸਨ। ਕਮਾਦ ਵਿਚ ਮੈਂ ਤਾਂ ਉਸੇ ਵਖ਼ਤ ਹੀ ਪਿੱਛੇ ਮੁੜ ਆਇਆ। ਬਈ ਕਿਉਂ ਇਹਨਾਂ ਦੀਆਂ ਗੱਲਾਂ ਦਾ ਸਵਾਦ ਖਰਾਬ ਕਰਨਾ ਹੈ। ਵਲੈਤ ਦੀ ਕੁੜੀ ਨੂੰ ਪੰਜਾਬੀ ਗੱਭਰੂ ਦਾ ਸਵਾਦ ਦੇਖ ਹੀ ਲੈਣ ਦੇ। ਦੀਪੇ ਤੇ ਬੀਬੋ ਅਕਸਰ ਮਿਲਦੇ ਹੀ ਰਹਿੰਦੇ ਪਰ ਪਿੰਡ ਵਿਚ ਇਹਨਾਂ ਦੇ ਪਿਆਰ ਬਾਰੇ ਕਿਸੇ ਨੂੰ ਪਤਾ ਨਾ ਲੱਗਾ। ਬੀਬੋ ਅੱਖ ਬਚਾ ਕੇ ਜਾਂ ਕਿਸੇ ਸਹੇਲੀ ਨੂੰ ਮਿਲਣ ਦੇ ਬਹਾਨੇ ਦੀਪੇ ਨੂੰ ਮਿਲਦੀ ਰਹਿੰਦੀ। ਫਿਰ ਇਥ ਦਿਨ ਦੋਹਾਂ ਪਿਆਰ ਕਰਨ ਵਾਲਿਆਂ ਦੀ ਜ਼ਿੰਦਗੀ ਵਿਚ ਹੜ੍ਹ ਆ ਗਿਆ ਜਿਵੇਂ ਰੱਬ ਨੂੰ ਮਨਜ਼ੂਰ ਨਹੀਂ ਸੀ। ਕੀ ਹੋਇਆ ਤਾਇਆ! ਧੰਨੇ ਨੇ ਪੁੱਛਿਆ..ਆਪਣੇ ਨਾਲ ਦੇ ਪਿੰਡ ਚੌਧਰੀ ਸੱਜਣ ਸਿੰਘ ਦਾ ਮੁੰਡਾ, ਜਿਸ ਨੇ ਆਪਣੇ ਪਿੰਡ ਦੀ ਕੋਈ ਧੀ ਨਹੀਂ ਸੀ ਛੱਡੀ, ਜਿਸ ਦੀ ਇੱਜ਼ਤ ਨਾਲ ਉਹ ਨਾ ਖੇਡਿਆ ਹੋਵੇ ਪਰ ਪਿੰਡ ਵਿਚ ਕਿਸੇ ਦੀ ਹਿੰਮਤ ਨਾ ਪੈਂਦੀ, ਉਹਨਾਂ ਵਿਰੁੱਧ ਸਿਰ ਚੁੱਕਣ ਦੀ। ਇਕ ਦਿਨ ਉਹ ਆਪਣੇ ਪਿੰਡ ਦੇ ਸਰਪੰਚ ਕੋਲ ਆ ਰਿਹਾ ਸੀ। ਰਸਤੇ ਵਿਚ ਉਸ ਦੀ ਨਿਗਾਹ ਬੀਬੋ ‘ਤੇ ਪੈ ਗਈ। ਤਾਇਆ ਫੇਰ! ਧੰਨੇ ਨੇ ਪੁੱਛਿਆ। ਫਿਰ ਕੀ ਧੰਨਿਆ! ਉਸ ਕੰਜਰ ਨਾਲ ਤਿੰਨ-ਚਾਰ ਆਦਮੀ ਸਨ। ਉਹ ਬੀਬੋ ਨੂੰ ਜੀਪ ਵਿਚ ਚੁੱਪ ਕੇ ਲੈ ਗਏ ਅਤੇ ਸਾਰੀ ਰਾਤ ਕੰਜਰ ਨੇ ਬੀਬੋ ਨਾਲ ਮੂੰਹ ਕਾਲਾ ਕੀਤਾ। ਤਾਇਆ ਇਹ ਤਾਂ ਬਹੁ ਤਹੀ ਮਾੜੀ ਗੱਲ ਹੋਈ, ਪਰ ਤਾਇਆ! ਤਾਏ ਜੰਗੀਰ ਨੇ ਚੌਧਰੀ ਦੇ ਮੁੰਡੇ ਨੂੰ ਠਾਣੇ ਨੀ ਫੜਾਇਆ? ਧੰਨੇ ਨੇ ਠਰ੍ਹਮੇ ਨਾਲ ਕਿਹਾ! ਨਹੀਂ ਅਮਲੀਆ! ਠਾਣੇ-ਕਚਹਿਰੀਆਂ ਤਾਂ ਚੌਧਰੀ ਆਪਣੀਆਂ ਜੇਬਾਂ ਵਿਚ ਪਾਈਂ ਫਿਰਦੇ ਨੇ, ਕਿੱਥੇ ਗੰਗੂ ਤੇਲੀ, ਕਿੱਥੇ ਰਾਜਾ ਭੋਜ। ਫਿਰ ਵਿਚਾਰਾ ਜੰਗੀਰ ਸਿੰਘ, ਜਿਸ ਕੋਲ ਦੋ ਘੁੰਮਾ ਜਮੀਨ ਹੈ, ਆਪਣੇ ਗੁਜ਼ਾਰੇ ਜੋਗੀ ਚੌਧਰੀ ਨਾਲ ਮੱਥਾ ਲਾ ਕੇ ਉਹ ਵੀ ਗੁਆ ਲੈਣੀ ਸੀ। ਇਹਨਾਂ ਨੂੰ ਪੁੱਛਣਾ ਕਿਸਨੇ ਸੀ। ਸਾਰੀ ਉਮਰ ਲੰਘ ਜਾਣੀ ਸੀ ਠਾਣੇ-ਕਚਹਿਰੀਆਂ ਦੇ ਚੱਕਰ ਲਗਾਉਂਦਿਆਂ!! ਫਿਰ ਤਾਇਆ ਬੀਬੋ ਉਸ ਤੋਂ ਬਾਅਦ ਘਰ ਨਹੀਂ ਆਈ? ਧੰਨੇ ਨੇ ਪੁੱਛਿਆ। ਆਈ ਸੀ, ਦੂਜੇ ਦਿਨ ਘਰ ਵਿਚ ਸਾਰਾ ਪਰਿਵਾਰ ਰੋ-ਪਿੱਟ ਰਿਹਾ ਸੀ, ਜਿਵੇਂ ਕੋੲਂ ਘਰ ਵਿਚ ਮਰ ਗਿਆ ਹੋਵੇ। ਤਾਇਆ, ਰੋਣਾ ਤਾਂ ਹੋਇਆ। ਬਣੀ ਬਣਾਈ ਇੱਜਤ ਮਿੱਟੀ ਵਿਚ ਰੁਲ ਗਈ। ਧੰਨੇ ਨੇ ਉਦਸਾ ਜਿਹੇ ਚਿਹਰੇ ਨਾਲ ਉੱਤਰ ਦਿੱਤਾ। ਪਰ ਬੀਬੋ ਸ਼ਰਮ ਦੀ ਮਾਰੀ ਨੇ ਰਾਤ ਨੂੰ ਫਾਹਾ ਲੈ ਲਿਆ। ਮੋਏ ਮੁੜ ਕੇ ਕਿੱਥੋਂ ਆਉਂਦੇ ਨੇ। ਵਿਚਾਰੇ ਦੀਪੇ ਤੋਂ ਇਹ ਸਦਮਾ ਸਹਾਰਿਆ ਨਾ ਗਿਆ ਤੇ ਬੀਬੋ ਦੇ ਇਸ਼ਕ ਵਿਚ ਪਾਗਲ ਹੋ ਗਿਆ। ਜਿਹਨਾਂ ਰਾਹਾਂ ਤੋਂ ਉਸਦੀ ਬੀਬੋ ਲੰਘਦੀ ਸੀ ਉਹਨਾਂ ਵੱਲ ਵੇਖ ਕੇ ਰੋਂਦਾ ਰਹਿੰਦਾ ਹੈ। ਵਿਚਾਰੇ ਦੀ ਜਵਾਨੀ ਕੱਖਾਂ ਵਾਂਗ ਰੁਲ ਗਈ।

Tag:

ਦਰਦ ਮੁਕੱਦਰਾਂ ਦੇ

Tags: