ਚਰਨ ਧੂੜ

ਸਾਡੇ ਬਜ਼ੁਰਗ ਅਕਸਰ ਸਾਨੂੰ ਚਰਨ-ਧੂੜ ਪੀਣ ਦੀਆਂ ਗੱਲਾਂ ਦੱਸਦੇ ਰਹੇ ਹਨ। ਇੱਕ ਵਾਰ ਸਾਡਾ ਜੀਅ ਕੀਤਾ ਕਿ ਅਸੀਂ ਵੀ ਕਿਸੇ ਸਾਧੂ-ਸੰਤ ਦੇ ਚਰਨਾਂ ਦੀ ਧੂੜੀ ਪੀ ਕੇ ਆਪਣਾ ਜੀਵਨ ਸਫ਼ਲ ਬਣਾਈਏ।

ਸਾਡੀ ਨਜ਼ਰ ਇੱਕ ਸੰਤ ‘ਤੇ ਪਈ। ਇੱਕ ਦਿਨ ਸਮਾਂ ਕੱਢ ਕੇ ਅਸੀਂ ਉਨ੍ਹਾਂ ਦੇ ਡੇਰੇ ਜਾ ਹਾਜ਼ਰ ਹੋਏ। ਡੇਰੇ ਪਹੁੰਚ ਕੇ ਪਤਾ ਲੱਗਾ ਕਿ ਸੰਤ ਤਾਂ ਕੱਲ੍ਹ ਦੇ ਹੀ ਵੱਡੀ ਕਾਰ ‘ਚ ਬੈਠ ਕੇ ਕਿਸੇ ਸ਼ਰਧਾਲੂ ਮੰਤਰੀ ਕੋਲ ਰਾਜਧਾਨੀ ਗਏ ਸਨ ਤੇ ਅੱਜ ਵਾਪਸ ਆਉਣ ਵਾਲੇ ਹੀ ਸਨ।
ਅਸੀਂ ਕੁਝ ਸਮਾਂ ਚੇਲਿਆਂ ਦੁਆਰਾ ਸੁਣਾਈਆਂ ਗੁਰੂ ਦੀਆਂ ਕਰਾਮਾਤੀ ਕਹਾਣੀਆਂ ਵਿੱਚ ਗੁਜ਼ਾਰਿਆ ਤੇ ਕੁਝ ਸਮਾਂ ਬਾਬਿਆਂ ਦੇ ਡੇਰੇ ਵਿਚਲੇ ਤਹਿਖਾਨੇ ਨੂੰ ਦੇਖਣ ਵਿੱਚ ਲੰਘਾਇਆ। ਉੱਥੇ ਹਰ ਪ੍ਰਕਾਰ ਦੀ ਸਹੂਲਤ ਦੇਖ ਕੇ ਮਨ ਨੂੰ ਹੈਰਾਨੀ ਹੋਈ ਕਿ ਜਿਹੜੇ ਬਾਬੇ ਸਾਨੂੰ ਮਾਇਆ ਤੋਂ ਦੂਰ ਰਹਿਣ ਦੀਆਂ ਨਸੀਹਤਾਂ ਦਿੰਦੇ ਨਹੀਂ ਥੱਕਦੇ, ਉਹ ਆਪ ਇਸ ਦੇ ਜਾਲ ਵਿੱਚ ਕਿੰਨੇ ਗਹਿਰੇ ਫਸੇ ਹੋਏ ਹਨ। ਖੈਰ! ਸਾਡੇ ‘ਤੇ ਬਾਬਿਆਂ ਦੀ ਚਰਨ-ਧੂੜ ਪੀਣ ਦਾ ਖ਼ਬਤ ਸਵਾਰ ਸੀ।
ਅਸੀਂ ਇੰਤਜ਼ਾਰ ਕਰਦੇ-ਕਰਦੇ ਥੱਕ ਗਏ। ਪ੍ਰੋਗਰਾਮ ਕੱਲ੍ਹ ਦਾ ਰੱਖ ਕੇ ਘਰ ਵੱਲ ਪਰਤਣ ਹੀ ਲੱਗੇ ਸਾਂ ਕਿ ਬਾਬਿਆਂ ਦੀ ਧੂੜ ਉਡਾਉਂਦੀ ਆ ਰਹੀ ਗੱਡੀ ‘ਤੇ ਨਜ਼ਰ ਪਈ। ਪਤਾ ਲੱਗਿਆ ਕਿ ਇਹ ਗੱਡੀ ਬਾਬਾ ਜੀ ਨੂੰ ਇੱਕ ਮੰਤਰੀ ਨੇ ਦਿੱਤੀ ਸੀ ਤੇ

ਬਾਬਿਆਂ ਤੋਂ ਇਹ ਬਚਨ ਲਿਆ ਸੀ ਕਿ ਉਹ ਮੰਤਰੀ ਜੀ ਦਾ ਵੋਟ-ਬੈਂਕ ਤਿਆਰ ਕਰਨਗੇ। ਬਾਬਾ ਜੀ ਨੇ ‘ਤਥਾਅਸਤੂ’ ਕਹਿ ਕੇ ਕਾਰ ਲੈ ਲਈ ਸੀ।
ਬਾਬਾ ਜੀ ਕਾਰ ਤੋਂ ਉੱਤਰੇ ਤਾਂ ਅਸੀਂ ਝੱਟ ਚਰਨਾਂ ਵਿੱਚ ਡਿੱਗ ਪਏ। ਸਾਡੀ ਨਜ਼ਰ ਉਨ੍ਹਾਂ ਦੇ ਚਰਨਾਂ ਦੀ ਧੂੜ ਲੱਭਣ ਲੱਗੀ ਪਰ ਬਾਬਾ ਜੀ ਨੇ ਬੂਟ-ਜੁਰਾਬਾਂ ਚਾੜ੍ਹੀਆਂ ਹੋਈਆਂ ਸਨ। ਅਸੀਂ ਬਾਬਾ ਜੀ ਨੂੰ ਆਪਣੀ ਦਿਲੀ ਖਾਹਿਸ਼ ਦੱਸੀ ਕਿ ਅਸੀਂ ਤੁਹਾਡੇ ਚਰਨਾਂ ਦੀ ਧੂੜ ਪੀ ਕੇ ਆਪਣਾ ਜਨਮ ਸਫ਼ਲ ਕਰਨਾ ਚਾਹੁੰਦੇ ਹਾਂ। ਅੱਗੋਂ ਬਾਬਾ ਜੀ ਸਾਡੇ ਮਾਸੂਮ ਚਿਹਰੇ ਵੱਲ ਦੇਖਦੇ ਹੋਏ ਬੋਲੇ, ”ਭਗਤਾ ਤੇਰੀ ਸ਼ਰਧਾ ‘ਤੇ ਮੈਨੂੰ ਤਰਸ ਆ ਰਿਹੈ ਪਰ ਕੀ ਕਰਾਂ ਤੂੰ ਤਾਂ ਕਿਸੇ ਪੁਰਾਣੇ ਜ਼ਮਾਨੇ ਦਾ ਭਗਤ ਲੱਗਦੈਂ। ਉਸ ਜ਼ਮਾਨੇ ਵਿੱਚ ਰਸਤੇ ਕੱਚੇ ਹੁੰਦੇ ਸੀ ਤੇ ਬਾਬੇ ਲੱਕੜ ਦੀਆਂ ਖੜਾਵਾਂ ਪਾ ਕੇ ਜਾਂ ਪੈਦਲ ਸਫ਼ਰ ਕਰਦੇ ਹੋਏ ਥੱਕੇ-ਹਾਰੇ ਕਿਸੇ ਸ਼ਰਧਾਲੂ ਦੇ ਘਰ ਪਹੁੰਚਦੇ ਸਨ ਤਾਂ ਉਹ ਸਤਿਕਾਰ ਵਜੋਂ ਉਨ੍ਹਾਂ ਦੇ ਚਰਨਾਂ ਨੂੰ ਧੋ ਕੇ ਉਸ ਦੇ ਪਾਣੀ ਨੂੰ ਪੀ ਜਾਂਦੇ ਸਨ। ਉਹ ਜ਼ਮਾਨਾ ਸਿੱਧਾ-ਸਾਦਾ ਸੀ। ਰੱਬ ‘ਤੇ ਡੋਰੀਆਂ ਹੁੰਦੀਆਂ ਸਨ। ਪੈਸਿਆਂ ਦੀ ਕਮੀ ਹੁੰਦੀ ਸੀ। ਇਸੇ ਕਰਕੇ ਸਭ ਮਾਇਆ ਦੀ ਨਿੰਦਾ ਕਰਦੇ ਸੀ। ‘ਅਖੇ ਹੱਥ ਨਾ ਅੱਪੜੇ ਥੂਹ ਕੌੜੀ।’ ਜਦੋਂ ਸ਼ਰਧਾਲੂ ਹੀ ਭੁੱਖ-ਨੰਗ ਨਾਲ ਘੁਲਦੇ ਹੋਣ ਤਾਂ ਉਹ ਬਾਬਿਆਂ ਨੂੰ ਭਲਾ ਕੀ ਦੇਣਗੇ? ਪਰ ਹੁਣ ਤਾਂ ਵਿਗਿਆਨ ਦਾ ਯੁੱਗ ਆ ਗਿਐ। ਸਭ ਸੁੱਖ-ਆਰਾਮ ਉਸ ਨੇ ਬਖ਼ਸ਼ੇ ਨੇ।”
”ਪਰ ਬਾਬਾ ਜੀ ਤੁਸੀਂ ਤਾਂ ਕਹਿੰਦੇ ਹੋ, ਇਹ ਤਾਂ ਸਭ ਕੁਝ ਭਗਵਾਨ ਦੀ ਦੇਣ ਹੈ ਤੇ ਤੁਸੀਂ ਮਾਇਆ ਦੀ ਨਿੰਦਾ ਵੀ ਅਕਸਰ ਕਰਦੇ ਰਹਿੰਦੇ ਹੋ?” ਅਸੀਂ ਸੁਆਲ ਕੀਤਾ।
”ਓ ਭੋਲਿਆ ਭਗਤਾ! ਅਸੀਂ ਭਗਵਾਨ ਤੇ ਵਿਗਿਆਨ ‘ਚ ਕੋਈ ਫ਼ਰਕ ਨਹੀਂ ਸਮਝਦੇ ਪਰ ਲੋਕ ਵਿਗਿਆਨ ਦਾ ਨਾਂ ਲੈਣ ਨਾਲ ਚਿੜ੍ਹਦੇ ਨੇ ਤੇ ਭਗਵਾਨ ਦਾ ਨਾਂ ਲੈਣ ਨਾਲ ਖ਼ੁਸ਼ ਹੁੰਦੇ ਨੇ। ਫਿਰ ਭਲਾ ਅਸੀਂ ਲੋਕਾਂ ਨੂੰ ਕਿਉਂ ਨਾਰਾਜ਼ ਕਰੀਏ?” ਕੁਝ ਰੁਕ ਕੇ ਬਾਬਾ ਜੀ ਫਿਰ ਬੋਲੇ, ”ਭਗਤਾ ਅਸੀਂ ਜਵਾਨੀ ਵਿੱਚ ਬਥੇਰੇ ਤਪ ਤੇ ਜਲ-ਧਾਰੇ ਕੀਤੇ ਪਰ ਭਗਵਾਨ ਕਦੇ ਨਾ ਬਹੁੜਿਆ। ਆਖਰ ਵਿਗਿਆਨ ਦਾ ਸਹਾਰਾ ਲਿਆ ਤੇ ਵਿਗਿਆਨ ਦੇ ਕੁਝ ਚਮਤਕਾਰ ਸਿੱਖ ਕੇ ਉਨ੍ਹਾਂ ਨੂੰ ਆਪਣੀ ਸ਼ਕਤੀ ਦੱਸਿਆ ਤੇ ਵਿਗਿਆਨ ਦੀ ਨਿੰਦਾ ਵੀ ਕੀਤੀ। ਮਾਇਆ ਦਾ ਵੀ ਸਹਾਰਾ ਲਿਆ ਤੇ ਮਾਇਆ ਦੀ ਵੀ ਨਿੰਦਾ ਕੀਤੀ। ਹੁਣ ਅਸੀਂ ਮਾਇਆ ਨੂੰ ਆਪਣੇ ਹੱਥ ਕਦੇ ਨਹੀਂ ਲਾਉਂਦੇ ਸਗੋਂ ਆਪਣੇ ਸ਼ਰਧਾਲੂਆਂ ਨੂੰ ਖ਼ਾਸ ਹਦਾਇਤ ਕਰਦੇ ਹਾਂ ਕਿ ਉਹ ਸਾਨੂੰ ਮਾਇਆ ਪੇਸ਼ ਕਰਨ ਦੀ ਥਾਂ ਬਸ ਲੋੜ ਦੀਆਂ ਚੀਜ਼ਾਂ ਹੀ ਭੇਟ ਕਰਨ। ਆਹ ਕਾਰ ਸਾਡੇ ਇੱਕ ਸ਼ਰਧਾਲੂ ਨੇ ਦਿੱਤੀ ਐ, ਡਰਾਈਵਰ ਵੀ ਉਸੇ ਦਾ ਹੀ ਹੈ ਤੇ ਪੈਟਰੋਲ ਵੀ ਉਸੇ ਦੇ ਖਾਤੇ ਪਾ ਦਿੰਦੇ ਆਂ। ਆਹ ਟੈਲੀਵਿਜ਼ਨ, ਕੂਲਰ, ਫਰਿੱਜ਼ ਆਦਿ ਸਭ ਸਾਡੇ ਸ਼ਰਧਾਲੂਆਂ ਨੇ ਹੀ ਦਿੱਤਾ ਹੈ। ਆਪਣੇ ਕੋਲ ਤਾਂ ਸਿਰਫ਼ ਡੇਰੇ ਦੀ 20 ਕੁ ਕਿੱਲੇ ਜ਼ਮੀਨ ਹੈ, ਜਿਸ ‘ਤੇ ਆਪਣੇ 15-20 ਚੇਲੇ ਪਲਦੇ ਨੇ। ਜ਼ਮੀਨ ਵੀ ਸ਼ਰਧਾਲੂ ਆਪੇ ਵਾਹੁੰਦੇ-ਬੀਜਦੇ ਨੇ ਤੇ ਕਮਾਈ ਸਾਡੇ ਖਾਤੇ ‘ਚ ਪਾ ਜਾਂਦੇ ਨੇ। ਉੱਪਰ ਵਾਲੇ ਦੀ ਸਾਡੇ ‘ਤੇ ਖ਼ਾਸ ਕਿਰਪਾ ਹੈ। ਸ਼ਰਧਾਲੂ ਆਪ ਹੀ ਮਾਇਆ ਸਾਡੀਆਂ ਜੇਬਾਂ ਵਿੱਚ ਪਾ ਜਾਂਦੇ ਨੇ। ਫਿਰ ਭਲਾ ਅਸੀਂ ਮਾਇਆ ਨੂੰ ਐਵੇਂ ਕਿਉਂ ਹੱਥ ਲਾਉਂਦੇ ਫਿਰੀਏ?”
ਮੈਂ ਕਿਹਾ, ”ਅਸੀਂ ਤਾਂ ਤੁਹਾਡੀ ਚਰਨ-ਧੂੜ ਪੀਣ ਆਏ ਸੀ।” ਸਾਡੀ ਇਸ ਗੱਲ ਨੂੰ ਸੁਣਦੇ ਹੀ ਬਾਬਾ ਜੀ ਦਾ ਪਾਰਾ ਚੜ੍ਹ ਗਿਆ ਤੇ ਉਹ ਗੁੱਸੇ ਵਿੱਚ ਭੜਕ ਪਏ, ”ਤੈਨੂੰ ਦਿਖਦਾ ਨਹੀਂ। ਹੁਣ ਬਾਬੇ ਲੱਕੜ ਦੀਆਂ ਖੜਾਵਾਂ ਵਿੱਚ ਨਹੀਂ ਸਗੋਂ ਬੂਟ-ਜੁਰਾਬਾਂ ਦੀ ਕੈਦ ਵਿੱਚ ਨੇ। ਮਿੱਟੀ ਘੱਟੇ ਵਾਲੇ ਕੱਚੇ ਰਾਹਾਂ ‘ਤੇ ਨਹੀਂ ਸਗੋਂ ਕਾਰ ਰਾਹੀਂ ਪੱਕੀ ਸੜਕ ‘ਤੇ ਆਏ ਨੇ। ਹੁਣ ਤੇਰੀ ਇਹ ਇੱਛਾ ਪੂਰੀ ਨਹੀਂ ਹੋ ਸਕਦੀ ਕਿਉਂਕਿ ਮੇਰੇ ਸਰੀਰ ‘ਤੇ ਧੂੜ ਪਈ ਹੀ ਨਹੀਂ। ਤੇਰੀ ਖਾਤਰ ਆਪਣੇ ਪੈਰ ਧਰਤੀ ‘ਤੇ ਰੱਖ ਕੇ ਮੈਂ ਆਪਣੇ ਪੈਰ ਗੰਦੇ ਨਹੀਂ ਕਰਨੇ ਪਰ ਫਿਰ ਵੀ ਤੂੰ ਸਾਡਾ ਭਗਤ ਹੈਂ, ਇਸ ਲਈ ਇੱਕ ਕੰਮ ਕਰ। ਆਹ ਸਾਡੀ ਕਾਰ ਦੇ ਟਾਇਰਾਂ ‘ਤੇ ਲੱਗੀ ਥੋੜ੍ਹੀ ਬਹੁਤ ਧੂੜ ਹੀ ਧੋ ਕੇ ਪੀ ਲੈ। ਤੇਰੀ ਇੱਛਾ ਵੀ ਪੂਰੀ ਹੋ ਜਾਵੇਗੀ ਤੇ ਟਾਇਰ ਵੀ ਸਾਫ਼ ਹੋ ਜਾਣਗੇ ਕਿਉਂਕਿ ਡੇਰੇ ਤਕ ਦੇ ਕੱਚੇ ਰਸਤੇ ਕਰਕੇ ਇਸ ਦੇ ਟਾਇਰਾਂ ‘ਤੇ ਥੋੜ੍ਹੀ-ਬਹੁਤ ਧੂੜ ਲੱਗ ਗਈ ਹੈ ਅਤੇ ਗੋਹੇ ਵਿੱਚ ਟਾਇਰ ਲਿੱਬੜ ਗਏ।” ਮਨ ਵਿੱਚ ਹੀ ਅਸੀਂ ਇਹ ਟਾਇਰ-ਧੂੜੀ ਅੰਦਰ ਲੰਘਾਉਣ ਬਾਰੇ ਸੋਚਿਆ ਪਰ ਸ਼ਰਧਾ ਜੁਆਬ ਦੇ ਗਈ ਤੇ ਅਸੀਂ ਜ਼ਿੰਦਗੀ ਭਰ ਲਈ ਕਿਸੇ ਦੀ ‘ਚਰਨ-ਧੂੜ’ ਪੀਣ ਤੋਂ ਤੌਬਾ ਕਰ ਲਈ। ਸਾਡੇ ਪ੍ਰਚਾਰ ਸਦਕਾ ਅਗਲੀਆਂ ਪੀੜ੍ਹੀਆਂ ਵੀ ਇਸ ਕਸ਼ਟ ਤੋਂ ਬਚ ਗਈਆਂ

Tag:

ਚਰਨ ਧੂੜ

Tags: