ਗੁੱਡੀਆਂ ਪਟੋਲੇ

ਅਮਰੋ ਦੇ ਵੈਣਾਂ ਨੇ ਅੱਜ ਪੱਥਰ ਦਿਲਾਂ ਨੂੰ ਵੀ ਪਿਘਲਾ ਦਿੱਤਾ ਸਭ ਦੀਆਂ ਅੱਖਾਂ ਵਿਚੋਂ ਅੱਥਰੂਆਂ ਦੀਆਂ ਨਦੀਆਂ ਫੁੱਟ ਪਈਆਂ, ਅੱਜ ਉਹ ਸਿਰੋਂ ਨੰਗੀ ਹੋ ਗਈ ਸੀ ਵਿਚਾਰੀ ਦੇ ਸਿਰ ਦਾ ਸਾਈਂ ਤਾਰਾ ਲੰਮੀ ਬਿਮਾਰੀ ਨਾਲ ਇਕ-ਦੋ ਹੁੰਦਾ ਹੋਇਆ ਇਸ ਜਹਾਨ ਨੂੰ ਛੱਡ ਗਿਆ ਸੀ। ਅਮਰੋ ਦੇ ਘਰ ਦੀ ਕੱਚੀ ਕੰਧ ਸਰਕਾਰੀ ਸਕੂਲ ਨਾਲ ਲਗਦੀ ਹੋਣ ਕਰਕੇ ਉਸ ਦਾ ਗੁਰਦੀਪ ਭੈਣਜੀ ਨਾਲ ਖਾਸਾ ਪਿਆਰ ਸੀ। ਗੁਰਦੀਪ ਭੈਣ ਜੀ ਅਮਰੋ ਦੇ ਦੁੱਖ ਬਾਰੇ ਸੋਚ ਕੇ ਬੜੀ ਪ੍ਰੇਸ਼ਾਨ ਸੀ। ਉਸ ਤੋਂ ਅਮਰੋ ਦਾ ਵਿਰਲਾਪ ਸਹਾਰਿਆ ਨਹੀਂ ਜਾ ਰਿਹਾ ਸੀ। ਉਹ ਮਨ ਹੀ ਮਨ ਵਿਚ ਅਮਰੋ ਨੂੰ ਹਰ ਤਰ੍ਹਾਂ ਦੀ ਮਦਦ ਕਰਨ ਦੀ ਸੋਚ ਰਹੀ ਸੀ। ਕੁਝ ਦਿਨ ਰਿਸ਼ਤੇਦਾਰਾਂ ਦਾ ਆਉਣ-ਜਾਣ ਰਿਹਾ, ਹੌਲੀ-ਹੌਲੀ ਸਭ ਸਾਥ ਛੱਡ ਗਏ, ਅਮਰੋ ਨੂੰ ਘਰ ਦਾ ਸੁੰਨਾ ਵਿਹੜਾ ਵੱਢ-ਵੱਢ ਖਾਣ ਲੱਗਿਆ ਅਤੇ ਸਭ ਤੋਂ ਵੱਡਾ ਇਸ ਚੰਦਰੇ ਢਿੱਡ ਦਾ ਸਵਾਲ, ਜਿਸ ਨੇ ਬਿਨਾਂ ਕੋਈ ਦੁੱਖ-ਸੁੱਖ ਵੇਖੇ ਖਾਣ ਨੂੰ ਮੰਗ ਹੀ ਲੈਣਾ ਐ, ਉਸ ਤੋਂ ਵੀ ਵੱਡੀ ਚਿੰਤਾ ਬੱਚਿਆਂ ਦੀ ਜਿਨ੍ਹਾਂ ਵਿਚ ਸਭ ਤੋਂ ਵੱਡੀ ਬਾਰਾਂ-ਤੇਰਾਂ ਸਾਲਾਂ ਦੀ ਸੁੱਖੀ, ਉਸ ਤੋਂ ਦੋ ਸਾਲ ਛੋਟਾ ਭੋਲਾ ਤੇ ਸਭ ਤੋਂ ਛੋਟਾ ਰਾਜੂ ਜਿਨ੍ਹਾਂ ਦਾ ਬਚਪਨ ਦੁੱਖਾਂ ਵਿਚ ਰੁਲ ਚੁੱਕਾ ਸੀ। ਅਮਰੋ ਤੇ ਸੁੱਖੀ ਨੇ ਖੇਤਾਂ ‘ਚੋਂ ਸਿੱਟੇ ਚੁੱਗ ਕੇ ਜੋ ਕਣਕ ਇਕੱਠੀ ਕੀਤੀ ਸੀ ਉਹ ਤਾਰੇ ਦੀ ਬਿਮਾਰੀ ਦੇ ਇਲਾਜ ਲਈ ਖਰਚ ਹੋ ਚੁੱਕੀ ਸੀ। ਘਰ ਵਿਚ ਭੁੱਖ ਤੇ ਗਰੀਬੀ ਦੇ ਆਲਮ ਤੋਂ ਸਿਵਾਏ ਕੁਝ ਨਹੀਂ

ਸੀ। ਇਕ ਦਿਨ ਲੰਬੜਾਂ ਦਾ ਜੈਲਾ ਜੋ ਅਮਰੋ ਨੂੰ ਪਹਿਲਾਂ ਵੀ ਟੇਢੀ ਅੱਖ ਨਾਲ ਵੇਖਦਾ ਹੁੰਦਾ ਸੀ ਮੌਕੇ ਦੀ ਨਜ਼ਾਕਤ ਨੂੰ ਸਮਝਦਾ ਹੋਇਆ ਅਚਾਨਕ ਅਮਰੋ ਦੇ ਘਰ ਆ ਧਮਕਿਆ। ਪੋਲਾ ਜਿਹਾ ਮੂੰਹ ਬਣਾ ਕੇ ਅਮਰੋ ਨੂੰ ਕਹਿਣ ਲੱਗਿਆ, ‘ਭਾਬੀ ਕੀ ਹੋਇਆ ਜੇ ਤਾਰਾ ਮੁੱਕ ਗਿਆ, ਅਸੀਂ ਤਾਂ ਜਿਉਂਦੇ ਬੈਠੇ ਆਂ, ਕਿਸੇ ਵੀ ਚੀਜ਼ ਦੀ ਲੋੜ ਹੋਵੇ ਆਪਣਾ ਘਰ ਸਮਝ ਕੇ ਚੁੱਕ ਲਿਆਈਂ, ਰੱਬ ਦਾ ਦਿੱਤਾ ਸਾਰਾ ਕੁਝ ਐ।’ ਅਮਰੋ ਨੂੰ ਇਕ ਵਾਰ ਤਾਂ ਬੜਾ ਗੁੱਸਾ ਆਇਆ ਕਿ ਉਹ ਚਿੱਬੇ ਮੂੰਹ ਵਾਲੇ ਜੈਲੇ ਦੇ ਸਿਰ ‘ਚ ਡਾਂਗ ਮਾਰੇ ਪਰ ਘਰ ਦੀ ਭੁੱਖ ਨੇ ਉਸ ਦੇ ਗੁੱਸੇ ਨੂੰ ਪਾਣੀ-ਪਾਣੀ ਕਰ ਦਿੱਤਾ। ਉਸ ਨੇ ਜੈਲੇ ਨੂੰ ਕਿਹਾ, ‘ਕੋਈ ਨੀਂ ਭਾਈ, ਥੋਡੇ ਵਰਗੇ ਲੋਕਾਂ ਦੇ ਸਿਰ ‘ਤੇ ਈ ਹੁਣ ਤਾਂ ਦਿਨ ਕੱਟੀ ਹੋਣੀ ਐ।’ ਅਮਰੋ ਨੇ ਸੁੱਖੀ ਤੇ ਭੋਲੇ ਨੂੰ ਜੈਲੇ ਘਰੋਂ ਸ਼ਾਮ ਨੂੰ ਡੰਗ ਲਈ ਆਟਾ ਲੈਣ ਤੋਰ ਦਿੱਤਾ। ਅਮਰੋ ਨੇ ਘਰ ਦਾ ਗੁਜ਼ਾਰਾ ਨਾ ਚਲਦਾ ਦੇਖ ਕੇ ਸੁੱਖੀ ਤੇ ਭੋਲੇ ਨੂੰ ਜੈਲੇ ਕੇ ਜੂਠੇ ਭਾਂਡੇ ਮਾਂਜਣ ਲਈ ਕੰਮ ‘ਤੇ ਲਾ ਦਿੱਤਾ। ਗੁਰਦੀਪ ਭੈਣ ਜੀ ਨੇ ਅਮਰੋ ਨੂੰ ਕਿਹਾ ਕਿ ਉਹ ਸਕੂਲੇ ਬੱਚਿਆਂ ਦੇ ਦੁਪਹਿਰ ਦੇ ਖਾਣੇ ਨੂੰ ਤਿਆਰ ਕਰਨ ਲਈ ਆ ਜਾਇਆ ਕਰੇ ਕਿਉਂਕਿ ਉਹ ਇਸ ਬਹਾਨੇ ਅਮਰੋ ਦੀ ਸਹਾਇਤਾ ਕਰਨੀ ਚਾਹੁੰਦੀ ਸੀ। ਗੁਰਦੀਪ ਭੈਣ ਜੀ ਬੜੇ ਹੀ ਕੋਮਲ ਤੇ ਮਿਲਾਪੜੇ ਸੁਭਾਅ ਦੀ ਹੋਣ ਕਰਕੇ ਅਮਰੋ ਨੂੰ ਵੀ ਬੜੀ ਚੰਗੀ ਲਗਦੀ ਸੀ। ਅਮਰੋ ਕਿੰਨਾ-ਕਿੰਨਾ ਚਿਰ ਗੁਰਦੀਪ ਭੈਣ ਜੀ ਕੋਲ ਆਪਣੇ ਦੁੱਖੜੇ ਫੋਲਦੀ ਰਹਿੰਦੀ। ਗੁਰਦੀਪ ਭੈਣ ਜੀ ਅਮਰੋ ਨੂੰ ਹਮੇਸ਼ਾ ਹੌਸਲਾ ਬਣਾਈ ਰੱਖਣ ਤੇ ਦੁੱਖਾਂ ਤੋਂ ਨਾ ਡੋਲਣ ਦੀ ਸਿੱਖਿਆ ਦਿੰਦੀ ਰਹਿੰਦੀ ਸੀ। ਉਹ ਗਾਹੇ-ਬਗਾਹੇ ਅਮਰੋ ਨੂੰ ਤੇ ਉਸ ਦੇ ਬੱਚਿਆਂ ਨੂੰ ਕੱਪੜੇ ਵੀ ਬਣਵਾ ਦਿੰਦੀ ਅਤੇ ਪੈਸੇ-ਧੇਲੇ ਦੀ ਮਦਦ ਵੀ ਕਰ ਦਿੰਦੀ। ਹੁਣ ਅਮਰੋ ਨੂੰ ਆਪਣੀ ਜ਼ਿੰਦਗੀ ਕੁਝ ਪੱਧਰੇ ਰਾਹ ਪੈ ਗਈ ਲਗਦੀ ਸੀ। ਅਮਰੋ ਹਰ ਰੋਜ਼ ਸਕੂਲ ਜਾਂਦੀ, ਇਕ ਦਿਨ ਗੁਰਦੀਪ ਭੈਣ ਜੀ ਨੇ ਉਸ ਤੋਂ ਰੱਜੀ ਬਾਰੇ ਪੁੱਛਿਆ ਜੋ ਕਿ ਪੰਜਵੀਂ ਜਮਾਤ ਵਿਚ ਗੁਰਦੀਪ ਭੈਣ ਜੀ ਕੋਲ ਹੀ ਪੜ੍ਹਦੀ ਸੀ, ਉਹ ਪੰਜ-ਛੇ ਦਿਨਾਂ ਤੋਂ ਸਕੂਲ ਨਹੀਂ ਆ ਰਹੀ ਸੀ। ਅਮਰੋ ਨੇ ਰੱਜੀ ਦਾ ਘਰ ਦੂਰ ਹੋਣ ਕਰਕੇ ਉਸ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਨਾ ਹੋਣ ਬਾਰੇ ਦੱਸਿਆ। ਗੁਰਦੀਪ ਭੈਣ ਜੀ ਨੇ ਅਮਰੋ ਨੂੰ ਉਸ ਦੇ ਘਰ ਜਾ ਕੇ ਉਸ ਬਾਰੇ ਪਤਾ ਕਰਨ ਭੇਜਿਆ। ਗੁਰਦੀਪ ਭੈਣ ਜੀ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜਦੋਂ ਅਮਰੋ ਨੇ ਆ ਕੇ ਦੱਸਿਆ ਕਿ ਰੱਜੀ ਨੂੰ ਤਾਂ ਚੁੱਪ-ਚੁਪੀਤੇ ਵਿਆਹ ਕੇ ਸਹੁਰੇ ਘਰ ਤੋਰ ਦਿੱਤਾ ਹੈ। ਗੁਰਦੀਪ ਭੈਣ ਜੀ ਦਾ ਗਲਾ ਖੁਸ਼ਕ ਹੋ ਗਿਆ ਤੇ ਅੱਖਾਂ ਵਿਚੋਂ ਹੰਝੂ ਵਗ ਕੇ ਗੱਲ੍ਹਾਂ ਉਤੋਂ ਦੀ ਹੁੰਦੇ ਹੋਏ ਉਸ ਦੀ ਝੋਲੀ ਵਿਚ ਡਿੱਗ ਪਏ। ਉਸ ਨੇ ਅਮਰੋ ਨੂੰ ਕਿਹਾ, ‘ਮੇਰੇ ਦੇਸ਼ ਦੇ ਲੋਕ ਕਿੱਡੇ ਭੋਲੇ ਹਨ ਇਨ੍ਹਾਂ ਨੂੰ ਨਾ ਤਾਂ ਕਾਨੂੰਨਾਂ ਬਾਰੇ ਪਤਾ ਹੈ ਜੋ ਕਿਤਾਬਾਂ ਵਿਚ ਬੰਦ ਪਏ ਹਨ ਅਤੇ ਨਾ ਹੀ ਐਨੀ ਛੋਟੀ ਉਮਰ ‘ਚ ਵਿਆਹੀ ਜਾਣ ਵਾਲੀ ਬੱਚੀ ‘ਤੇ ਪੈਣ ਵਾਲੇ ਪਰਿਵਾਰਕ ਬੋਝਾਂ ਅਤੇ ਦੁੱਖਾਂ ਬਾਰੇ ਪਤਾ ਐ।’ ਅਮਰੋ ਜੋ ਕਿ ਭੈਣ ਜੀ ਕੋਲ ਗੁੰਮ-ਸੁੰਮ ਹੋਈ ਬੈਠੀ ਸੀ, ਇਕਦਮ ਬੋਲੀ, ‘ਭੈਣ ਜੀ, ਆਹ ਕਾਨੂੰਨਾਂ ਤੇ ਛੋਟੀ ਉਮਰ ‘ਚ ਵਿਆਹ ਵਾਲੀ ਗੱਲ ਮੈਨੂੰ ਸਮਝ ਨਹੀਂ ਆਈ… ਸਗੋਂ ਚੰਗਾ ਹੋਇਆ ਕੁੜੀ ਨੂੰ ਵਿਆਹ ਕੇ ਮਾਪਿਆਂ ਦਾ ਭਾਰ ਲਹਿ ਗਿਆ।’ ‘ਅਮਰੋ ਤੂੰ ਅਨਪੜ੍ਹ ਹੋਣ ਦੇ ਨਾਲ-ਨਾਲ ਭੋਲੀ ਵੀ ਐਂ, ਤੰ ਨਹੀਂ ਜਾਣਦੀ ਕਿ ਅਠਾਰਾਂ ਸਾਲਾਂ ਤੋਂ ਛੋਟੀ ਉਮਰ ਵਿਚ ਕੁੜੀ ਨੂੰ ਵਿਆਹੁਣਾ ਕਾਨੂੰਨੀ ਜੁਰਮ ਐ ਅਤੇ ਨਾਲੇ ਤੂੰ ਆਪਣੇ-ਆਪ ਵੱਲ ਈ ਵੇਖ, ਔਰਤ ਦੀ ਕੀ ਜ਼ਿੰਦਗੀ ਐ? ਐਨੀ ਛੋਟੀ ਉਮਰ ਵਿਚ ਉਹ ਘਰ ਦੀਆਂ ਜ਼ਿੰਮੇਵਾਰੀਆਂ, ਬੱਚੇ ਪੈਦਾ ਕਰਨੇ, ਜੇ ਪਤੀ ਵੈਲੀ-ਕੁਵੈਲੀ ਮਿਲ ਗਿਆ ਤਾਂ ਸਾਰੀ ਉਮਰ ਦਾ ਰੌਣਾ, ਛੋਟੀ ਉਮਰੇ ਵਿਧਵਾ ਹੋ ਜਾਣਾ, ਪਤਾ ਨਹੀਂ ਕਿੰਨਾ ਕੁਝ ਔਰਤ ਨੂੰ ਆਪਣੇ ਨੰਗੇ ਪਿੰਡੇ ‘ਤੇ ਸਹਿਣਾ ਪੈਂਦਾ ਹੈ।’ ਗੁਰਦੀਪ ਭੈਣ ਜੀ ਕਿੰਨਾ ਕੁਝ ਹੀ ਅਮਰੋ ਨੂੰ ਕਹਿ ਚੁੱਕੀ ਸੀ। ਅਮਰੋ ਦੇ ਕੰਨਾਂ ਨੂੰ ਕੇਵਲ ਗੁਰਦੀਪ ਭੈਣ ਜੀ ਦੇ ਕਹੇ ਸ਼ਬਦ ਪੈ ਰਹੇ ਸਨ ਪਰ ਉਸ ਦੀਆਂ ਅੱਖਾਂ ਆਪਣੇ ਹੱਡੀਂ ਹੰਢਾਏ ਦੁੱਖਾਂ ਦੀ ਕਹਾਣੀ ਘੁੰਮ ਰਹੀ ਸੀ। ਉਹ ਅੱਬੜਵਾਹੇ ਬੋਲੀ, ‘ਭੈਣ ਜੀ ਮੈਂ ਆਪਣੀ ਮਲੂਕੜੀ ਜਿਹੀ ਧੀ ਸੁੱਖੀ ਦਾ ਵਿਆਹ ਕਦੇ ਵੀ ਛੋਟੀ ਉਮਰ ‘ਚ ਨਹੀਂ ਕਰਾਂਗੀ, ਮੈਂ ਉਸ ਨੂੰ ਰੱਜ ਕੇ ਖੁਸ਼ੀਆਂ ਤੇ ਚਾਅ-ਲਾਡ ਦਿਆਂਗੀ।’ ਬੋਲਦੇ-ਬੋਲਦੇ ਅਮਰੋ ਨੇ ਆਪਣੀਆਂ ਨਮ ਹੋਈਆਂ ਅੱਖਾਂ ਨੂੰ ਚੁੰਨੀ ਦੇ ਪੱਲੇ ਨਾਲ ਪੂੰਝਿਆ। ਅਮਰੋ ਸਕੂਲ ਦਾ ਕੰਮ ਨਿਬੇੜ ਕੇ ਜਦੋਂ ਘਰ ਪਹੁੰਚੀ ਤਾਂ ਉਸ ਨੂੰ ਭੋਲਾ ਕੁਝ ਪ੍ਰੇਸ਼ਾਨ ਲੱਗਿਆ। ਉਸ ਨੇ ਭੋਲੇ ਨੂੰ ਆਪਣੀ ਬੁੱਕਲ ਵਿਚ ਲੈ ਕੇ ਉਸ ਦੇ ਸਿਰ ‘ਤੇ ਹੱਥ ਫੇਰਦਿਆਂ ਕਿਹਾ, ‘ਕੀ ਗੱਲ ਐ ਮੇਰੇ ਸੋਹਣੇ ਪੁੱਤ ਨੂੰ? ਕਿ ਚਿੱਤ ਠੀਕ ਨਹੀਂ ਮੇਰੇ ਸੋਹਣੇ ਲਾਲ ਦਾ….?’ ‘ਬੀਬੀ, ਬੀਬੀ ਜੇ ਤੂੰ ਗੁੱਸੇ ਨਹੀਂ ਹੁੰਦੀ ਤਾਂ ਇਕ ਗੱਲ ਦੱਸਾਂ।’ ਭੋਲੇ ਨੇ ਡਰਦੇ ਹੋਏ ਆਪਣੀ ਮਾਂ ਅਮਰੋ ਤੋਂ ਪੁੱਛਿਆ। ‘ਹਾਂ, ਹਾਂ ਦੱਸ ਮੇਰਾ ਪੁੱਤ ਮੈਂ ਨੀ ਗੁੱਸੇ ਹੁੰਦੀ।’ ‘ਬੀਬੀ, ਬੀਬੀ ਜੈਲਾ ਨਾ ਆਪਣੀ ਸੁੱਖੀ ਦੇ ਰੋਜ਼ ਚੂੰਢੀਆਂ ਵੱਢਦਾ ਐ, ਨਾਲੇ ਗੰਦੀਆਂ ਛੇੜਖਾਨੀਆਂ ਕਰਦਾ ਐ, ਸਾਲਾ ਕੁੱਤਾ… ਗੰਦਾ ਨਾ ਹੋਵੇ ਤਾਂ…।’ ਭੋਲੇ ਦੀ ਗੱਲ ਸੁਣਦਿਆਂ ਸਾਰ ਅਮਰੋ ਦੀ ਦੇਹ ਪੱਥਰ ਹੋ ਗਈ ਉਸ ਨੂੰ ਹੋਰ ਸੁਣਨਾ ਬੰਦ ਹੋ ਗਿਆ ਤੇ ਉਹ ਗਸ਼ ਖਾ ਕੇ ਹੇਠਾਂ ਡਿੱਗ ਪਈ। ਸੁੱਖੀ ਨੇ ਭੱਜ ਕੇ ਉਸ ਨੂੰ ਸੰਭਾਲਿਆ ਤੇ ਪਾਣੀ ਦੇ ਛਿੱਟੇ ਉਸ ਦੇ ਮੂੰਹ ‘ਤੇ ਮਾਰੇ। ਕੁਝ ਦੇਰ ਬਾਅਦ ਉਸ ਨੂੰ ਸੁਰਤ ਆਈ। ਅਮਰੋ ਨੇ ਅਗਲੇ ਦਿਨ ਹੀ ਆਪਣੇ ਭਰਾ ਜੀਤੇ ਨੂੰ ਜੋ ਕਿ ਨਾਲ ਵਾਲੇ ਪਿੰਡ ਰੱਤੇ ਵਾਲੇ ਰਹਿੰਦਾ ਸੀ, ਸੁਨੇਹਾ ਘੱਲ ਦਿੱਤਾ ਕਿ ਸੁੱਖੀ ਦੇ ਹਾਣ ਦਾ ਕੋਈ ਮੁੰਡਾ ਛੇਤੀ ਤੋਂ ਛੇਤੀ ਲੱਭ ਲਵੇ ਤਾਂ ਜੋ ਸੁੱਖੀ ਦਾ ਵਿਆਹ ਕਰਕੇ ਆਪਣੀ ਇੱਜ਼ਤ ਦੀ ਚਾਦਰ ਨੂੰ ਵਲੇਟਿਆ ਜਾ ਸਕੇ। ਅਮਰੋ ਦਾ ਭਰਾ ਜੀਤਾ ਜੋ ਪਹਿਲਾਂ ਹੀ ਸੁੱਖੀ ਦਾ ਰਿਸ਼ਤਾ ਕਰਵਾਉਣ ਲਈ ਤੱਤਾ ਕਾਹਲਾ ਸੀ ਅਗਲੇ ਦਿਨ ਹੀ ਮੁੰਡੇ ਵਾਲਿਆਂ ਨੂੰ ਅਮਰੋ ਦੇ ਘਰ ਲੈ ਆਇਆ। ਗੁਰਦੀਪ ਭੈਣ ਜੀ ਨੂੰ ਜਦੋਂ ਸੁੱਖੀ ਦੇ ਵਿਆਹ ਦੀ ਗੱਲ ਪਤਾ ਲੱਗੀ ਤਾਂ ਉਹ ਝੱਟ ਅਮਰੋ ਕੋਲ ਆ ਪਹੁੰਚੀ ਤੇ ਕਹਿਣ ਲੱਗੀ, ‘ਕੁੜੇ ਅਮਰੋ ਤੇਰਾ ਦਿਮਾਗ ਤਾਂ ਠੀਕ ਐ… ਨਾਲੇ ਤੂੰ ਤਾਂ ਕਹਿੰਦੀ ਸੀ ਮੈਂ ਆਪਣੀ ਧੀ ਨੂੰ ਕਾਨੂੰਨ ਦੇ ਕਹੇ ਅਨੁਸਾਰ ਅਠਾਰਾਂ ਸਾਲਾਂ ਤੋਂ ਪਹਿਲਾਂ ਨਹੀਂ ਵਿਆਹੁੰਦੀ ਪਰ ਅੱਜ ਤੇਰੀ ਮੱਤ ਨੂੰ ਕੀ ਹੋ ਗਿਆ।’ ਅਮਰੋ ਉਦਾਸ ਤੇ ਪ੍ਰੇਸ਼ਾਨ ਹੋਈ ਗੁਰਦੀਪ ਭੈਣ ਜੀ ਨੂੰ ਕਹਿਣ ਲੱਗੀ, ‘ਭੈਣ ਜੀ ਬੰਦੇ ਦੀ ਸਿਆਣਪ ਕਈ ਵਾਰੀ ਕੰਮ ਨਹੀਂ ਆਉਂਦੀ, ਇਹ ਕਾਨੂੰਨ ਸਾਡੇ ਵਰਗੇ ਗਰੀਬਾਂ ਦੀ ਕਿੱਥੇ-ਕਿੱਥੇ ਰਾਖੀ ਕਰੇਗਾ, ਗਰੀਬਾਂਦੇ ਪੱਲੇ ‘ਕੱਲੀ ਇੱਜ਼ਤ ਹੀ ਤਾਂ ਹੁੰਦੀ ਹੈ ਜੇ ਉਹ ਵੀ ਨਾ ਰਹੀ ਤਾਂ ਫਿਰ ਜਿਊਣ ਦਾ ਕੀ ਫਾਇਦਾ।’ ਗੁਰਦੀਪ ਭੈਣ ਜੀ ਨੇ ਅਮਰੋ ਨੂੰ ਪੁੱਛਿਆ ਕਿ ਉਹ ਅਸਲੀ ਗੱਲ ਦੱਸੇ ਐਵੇਂ ਬੁਝਾਰਤਾਂ ਨਾ ਪਾਵੇ। ਜਦੋਂ ਅਮਰੋ ਨੇ ਅਸਲੀ ਗੱਲ ਗੁਰਦੀਪ ਭੈਣ ਜੀ ਨੂੰ ਦੱਸੀ ਤਾਂ ਅੱਜ ਭੈਣ ਜੀ ਨੂੰ ਅੰਦਰਲੀ ਗੱਲ ਸਮਝ ਆ ਗਈ ਕਿ ਕਿਉਂ ਰੱਜੀ, ਸੁੱਖੀ ਤੇ ਉਨ੍ਹਾਂ ਵਰਗੀਆਂ ਹੋਰ ਗੁੱਡੀਆਂ-ਪਟੋਲੇ ਖੇਡਣ ਦੀ ਉਮਰ ਵਾਲੀਆਂ ਕੁੜੀਆਂ ਦੇ ਬਾਲ ਵਿਆਹ ਕਰ ਦਿੱਤੇ ਜਾਂਦੇ ਹਨ।

Tag:

ਗੁੱਡੀਆਂ ਪਟੋਲੇ

Tags: