ਕੌਡੀ ਦੀ ਕਹਾਣੀ

ਜਦੋਂ ਕਾਗਜ਼ ਦੀ ਮੁਦਰਾ ਨਹੀਂ ਸੀ ਵੱਡੇ-ਵੱਡੇ ਵਪਾਰੀਆਂ, ਸ਼ਾਹੂਕਾਰਾਂ ਦਾ ਲੈਣ-ਦੇਣ ਸੋਨੇ,ਚਾਂਦੀ ਦੇ ਸਿੱਕਿਆਂ ਦੇ ਜ਼ਰੀਏ ਹੁੰਦਾ ਸੀ। ਤਦ ਆਮ ਆਦਮੀਆਂ ‘ਚ ਮੁਦਰਾ ਦੇ ਰੂਪ ਵਿੱਚ ਕੌਡੀਆਂ ਵਰਤਣ ਦੀ ਰੀਤ ਸੀ। ਇਸ ਰੀਤ ਦੀ ਸ਼ੁਰੂਆਤ ਸਾਡੇ ਹੀ ਦੇਸ਼ ਵਿੱਚ ਹੋਈ। ਬ੍ਰਾਹਮਣਾਂ ਨੂੰ ਦਕਸ਼ਣਾਂ ਵਿੱਚ ਵੀ ਕੌਡੀਆਂ ਹੀ ਦਿੱਤੀਆਂ ਜਾਂਦੀਆਂ ਸਨ। ਵੱਡੇ ਪੱਧਰ ‘ਤੇ ਇਸ ਰੀਤ ਦਾ ਇੱਕ ਕਾਰਨ ਇਹ ਵੀ ਸੀ ਕਿ ਇਹ ਨਾ ਤਾਂ ਜਲਦੀ ਗਲਦੀਆਂ-ਸੜਦੀਆਂ ਸਨ, ਨਾ ਟੁੱਟਦੀ-ਫੁੱਟਦੀਆਂ ਸਨ। ਸੁੰਦਰ, ਮਜ਼ਬੂਤ, ਛੋਟੀ ਹੋਣ ਕਾਰਨ ਇਹ ਸਭ ਲਈ ਆਦਰਸ਼ਕ ਸਨ।

ਭਾਸਕਰਾਚਾਰੀਆ ਨੇ ਆਪਣੇ ਪ੍ਰਸਿੱਧ ਗਰੰਥ ‘ਲੀਲਾਵਤੀ’ ਵਿੱਚ ਵੀ ਮੁਦਰਾ ਦੇ ਰੂਪ ਵਿੱਚ ਕੌਡੀਆਂ ਦਾ ਵਰਣਨ ਕੀਤਾ ਹੈ। ਵਿਗਿਆਨ ਦੀ ਭਾਸ਼ਾ ਵਿੱਚ ਇਸ ਨੂੰ ‘ਸਾਈਪ੍ਰਿਯਾ’ ਕਿਹਾ ਜਾਂਦਾ ਹੈ, ਜਦੋਂਕਿ ਇਸ ਦਾ ਦੇਸੀ ਨਾਂ ‘ਦੇਵਾਧਿਦੇਵ’ ਹੈ। ਸੰਸਕ੍ਰਿਤ ਵਿੱਚ ਇਸ ਨੂੰ ‘ਕਪਰਦ’ ਕਹਿੰਦੇ ਹਨ ਜਦੋਂਕਿ ਫਰੈਂਚ, ਰੂਸੀ ਅਤੇ ਜਰਮਨ ਵਿੱਚ ‘ਕੋਰਿਸ’, ਅੰਗਰੇਜ਼ੀ ਵਿੱਚ ‘ਕੋਡਰੀ’, ਰੋਮਨ ‘ਕੋਰੀ’ ਅਤੇ ਅਫ਼ਰੀਕੀ ਭਾਸ਼ਾ ਵਿੱਚ ਇਸ ਨੂੰ ‘ਕੁਰੜੀ’ ਕਿਹਾ ਜਾਂਦਾ ਹੈ।
ਕੀ ਤੁਹਾਨੂੰ ਪਤਾ ਹੈ ਕਿ ਇਹ ਕੌਡੀ ਆਖਰ ਕੀ ਹੈ? ਇਹ ਕਿਵੇਂ ਅਤੇ ਕਿੱਥੇ ਬਣਦੀ ਹੈ। ਇਹ ਨਾ ਤਾਂ ਖੇਤਾਂ ਵਿੱਚ ਉਪਜਾਈ ਜਾਂਦੀ ਹੈ ਅਤੇ

ਨਾ ਕਾਰਖਾਨਿਆਂ ਵਿੱਚ ਬਣਦੀ ਹੈ। ਦਰਅਸਲ ਇਹ ਇੱਕ ਸਮੁੰਦਰੀ ਜੀਵ ਦਾ ਅਸਿਥਕੋਸ਼ ਹੈ। ਇਹ ਜੀਵ ਮੋਲਸਕਾ ਵਰਗ ਦੇ ਸਭ ਤੋਂ ਵੱਡੇ ਉਪਵਰਗ ਗੈਸਟ੍ਰੀਪੋਡਰ ਵਿੱਚ ਸ਼ਾਮਲ ਮੰਨਿਆ ਜਾਂਦਾ ਹੈ। ਇਹ ਸਮੁੰਦਰੀ ਲਹਿਰਾਂ ਨਾਲ ਖ਼ੁਦ ਹੀ ਕੰਢਿਆਂ ‘ਤੇ ਆ ਜਾਂਦੇ ਹਨ। ਕੁਝ ਖ਼ਾਸ ਕਿਸਮ ਦੀਆਂ ਕੌਡੀਆਂ ਵਾਲੇ ਜੀਵ ਸਮੁੰਦਰ ਵਿੱਚ ਪਏ ਰਹਿੰਦੇ ਹਨ, ਜਿਨ੍ਹਾਂ ਨੂੰ ਸਖ਼ਤ ਮਿਹਨਤ ਨਾਲ ਹੀ ਕੱਢਣਾ ਸੰਭਵ ਹੁੰਦਾ ਹੈ।ਕੌਡੀ ਪ੍ਰਾਪਤ ਕਰਨ ਲਈ ਪਹਿਲਾਂ ਉਸ ਜੀਵ ਨੂੰ ਮਾਰਨਾ ਜ਼ਰੂਰੀ ਹੁੰਦਾ ਹੈ। ਪਾਣੀ ਵਿੱਚ ਮੱਠੀ ਅੱਗ ‘ਤੇ ਉਬਾਲਣ ਨਾਲ ਇਹ ਜੀਵ ਮਰ ਜਾਂਦਾ ਹੈ। ਉਬਾਲਣ ਤੋਂ ਬਾਅਦ ਕੌਡੀ ਦੇ ਰੰਗ ਵਿੱਚ ਥੋੜੀ ਤਬਦੀਲੀ ਆ ਜਾਂਦੀ ਹੈ। ਇਸ ਤਬਦੀਲੀ ਤੋਂ ਬਚਿਆ ਵੀ ਨਹੀਂ ਜਾ ਸਕਦਾ ਕਿਉਂਕਿ ਬਿਨਾਂ ਉਬਾਲੇ ਉਸ ਨੂੰ ਰੱਖਣ ‘ਤੇ ਉਸ ਵਿੱਚੋਂ ਤਿੱਖੀ ਦੁਰਗੰਧ ਨਿਕਲਦੀ ਹੈ।
ਕੌਡੀਆਂ ਦੀਆਂ 150 ਨਾਲੋਂ ਵੱਧ ਕਿਸਮਾਂ ਹੁੰਦੀਆਂ ਹਨ, ਜਿਨ੍ਹਾਂ ਵਿੱਚ ਪ੍ਰਿੰਸ, ਯੁਰੇਨੀਅਮ, ਕਾਕਲੇਂਸ, ਲਯੂਕੋਟ੍ਰੋਨ, ਬ੍ਰੋਡਰਿਆ, ਗੱਟਾਟਾ, ਕਲਟੋਸ ਆਦਿ ਕਾਫ਼ੀ ਚੰਗੀਆਂ ਮੰਨੀਆਂ ਜਾਂਦੀਆਂ ਹਨ। ਜ਼ਾਹਿਰ ਹੈ ਕਿ ਇਸ ਲਈ ਇਹ ਦੁਰੱਲਭ ਵੀ ਹੁੰਦੀਆਂ ਹਨ। ਭਾਰਤ ਵਿੱਚ ਲਗਪਗ 35 ਤਰ੍ਹਾਂ ਦੀਆਂ ਕੌਡੀਆਂ ਮਿਲਦੀਆਂ ਹਨ। ਮਾਲਦੀਪ, ਲਕਸ਼ਦੀਪ, ਰਾਮੇਸ਼ਵਰਮ, ਕੰਨਿਆ ਕੁਮਾਰੀ ਆਦਿ ਥਾਵਾਂ ‘ਤੇ ਭਰਪੂਰ ਮਾਤਰਾ ਵਿੱਚ ਕੌਡੀਆਂ ਮਿਲਦੀਆਂ ਹਨ। ਸਾਡੇ ਦੇਸ਼ ਵਿੱਚ 1939 ਤੱਕ ਕੌਡੀਆਂ ਮੁਦਰਾ ਵਜੋਂ ਚਲਦੀਆਂ ਰਹੀਆਂ।
ਅੱਧੇ ਇੰਚ ਤੋਂ ਇੱਕ ਇੰਚ ਤੱਕ ਲੰਮੀਆਂ ਇਨ੍ਹਾਂ ਕੌਡੀਆਂ ਨੂੰ ‘ਮੁਦਰਾ ਕੌਡੀ’ (ਸਾਈਪ੍ਰਿਯਾ ਮੋਨੇਟਾ) ਵੀ ਕਿਹਾ ਜਾਂਦਾ ਹੈ। ਅੱਜ ਸਾਡੇ ਦੇਸ਼ ਵਿੱਚ ਕੌਡੀਆਂ ਦਾ ਪ੍ਰਯੋਗ ਕਈ ਰੂਪਾਂ ਵਿੱਚ ਕੀਤਾ ਜਾਂਦਾ ਹੈ। ਕਿਤੇ ਇਸ ਨੂੰ ਤੱਕੜੀ ਵਿੱਚ ਬੰਨ੍ਹਿਆ ਜਾਂਦਾ ਹੈ ਤਾਂ ਕਿਤੇ ਬੱਚਿਆਂ ਨੂੰ ਬੁਰੀ ਨਜ਼ਰ ਤੋਂ ਬਚਾਉਣ ਲਈ ਉਸ ਦੇ ਲੱਕ ਦੁਆਲੇ ਤਾਂ ਕਿਤੇ ਲਾੜਾ-ਲਾੜੀ ਦੇ ਗੁੱਟ ਦੁਆਲੇ। ਮਕਾਨਾਂ ਦੀ ਨੀਂਹ ਆਦਿ ਵਿੱਚ ਵੀ ਇਸ ਨੂੰ ਪਾਇਆ ਜਾਂਦਾ ਹੈ। ਪਿੰਡਾਂ ਵਿੱਚ ਪਸ਼ੂਆਂ, ਖ਼ਾਸ ਤੌਰ ‘ਤੇ ਗਾਵਾਂ-ਬਲਦਾਂ ਦੇ ਗਲ ਵਿੱਚ ਮਾਲਾ ਦੇ ਰੂਪ ਵਿੱਚ ਬੰਨ੍ਹੀਆਂ ਕੌਡੀਆਂ ਅਜੇ ਵੀ ਦੇਖੀਆਂ ਜਾ ਸਕਦੀਆਂ ਹਨ। ਆਦਿਵਾਸੀ ਕੌਡੀ ਨਾਲ ਸਜੇ ਕੱਪੜੇ ਅਤੇ ਗਹਿਣੇ ਪਹਿਨਦੇ ਹਨ। ਅੱਜ ਕੱਲ੍ਹ ਫੈਸ਼ਨ ਵਿੱਚ ਵੀ ਇਨ੍ਹਾਂ ਦਾ ਇਸਤੇਮਾਲ ਹੋਣ ਲੱਗਾ ਹੈ। ਦੇਸੀ ਵੈਦ ਇਸ ਦੇ ਭਸਮ ਨਾਲ ਕਈ ਰੋਗਾਂ ਦੇ ਇਲਾਜ ਦਾ ਦਾਅਵਾ ਵੀ ਕਰਦੇ ਹਨ।

Tag:
ਕੌਡੀ ਦੀ ਕਹਾਣੀ

Tags: